ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਮੈਡੀਕਲ ਕਾਲਜ ਵਿੱਚ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਰਾਤ ਨੂੰ ਮੈੱਸ ਬੰਦ ਹੁੰਦੀ ਸੀ ਤੇ ਮਹੀਨੇ ਦੇ ਅੰਤ ਤੱਕ ਪੈਸੇ ਵੀ ਮੁੱਕ ਜਾਂਦੇ ਸਨ। ਰਾਤ ਦਾ ਡਿਨਰ ਕਰਨਾ ਵੀ ਇੱਕ ਔਖਾ ਜਿਹਾ ਕੰਮ ਹੁੰਦਾ ਸੀ। ਭੁੱਖੇ ਰਹਿਣ ਦੀ ਆਦਤ ਨਹੀਂ ਸੀ।ਕੋਈ ਨਾ ਕੋਈ ਜੁਗਾੜ ਕਰਨਾ ਪੈਂਦਾ ਸੀ। ਉਸ ਦਿਨ ਲੰਚ ਵਿੱਚ ਪਰੌਂਠੇ ਬਣਦੇ ਸੀ ਤੇ ਮੈਂ ਤੇ ਮੇਰਾ ਰੂਮ ਮੇਟ ਰਵਿੰਦਰ ਅਕਸਰ ਹੀ ਕਮਰੇ ਵਿੱਚ ਖਾਣਾ ਮੰਗਾ ਲੈਂਦੇ ਸੀ। ਸਾਡਾ ਮੈੱਸ ਸਰਵੈਂਟ ਵੀ ਸਮਝ ਜਾਂਦਾ ਸੀ ਕਿ ਅੱਜ ਇੰਹਨਾ ਡਾਕਟਰਾਂ 😁😁😁ਕੋਲ ਪੈਸੇ ਹੈਨੀ ਤੇ ਉਹ ਅੱਠ ਕੁ ਪਰੌਂਠੇ ਤੇ ਇੱਕ ਡੋਂਗਾ ਰਾਜ ਮਾਂਹ ਦਾ ਭਰ ਕੇ ਲੈ ਆਉਂਦਾ । ਅਸੀਂ ਅੱਧੇ ਪਰੌਂਠੇ ਦੁਪਹਿਰੇ ਖਾ ਕੇ ਅੱਧੇ ਰਾਤ ਲਈ ਰੱਖ ਲੈਂਦੇ ਸਾਂ ਤੇ ਰਾਤੀਂ ਹੀਟਰ ਤੇ ਗਰਮ ਕਰਕੇ ਉਹਨਾਂ ਦਾ ਡਿੰਨਰ ਕਰ ਲੈਂਦੇ। ਕਦੇ ਕਦੇ ਦਰਬਾਰ ਸਾਹਿਬ ਜਾਂਦੇ ਤੇ ਪੰਜ ਰੁਪਏ ਦਾ ਪਰਸ਼ਾਦ ਕਰਾਉਂਦੇ। ਉਹਨਾਂ ਦਿਨਾਂ ਚ ਪੰਜ ਰੁਪੈ ਦਾ ਥਾਲ਼ੀ ਭਰ ਕੇ ਪਰਸ਼ਾਦ ਮਿਲਦਾ ਸੀ ।ਅਸੀਂ ਪਰਕਰਮਾ ਚ ਬੈਠ ਕੇ ਉਹ ਪਰਸ਼ਾਦ ਖਾਂਦੇ ਤੇ ਬਾਬਾ ਜੀ ਨੂੰ ਮੱਥਾ ਟੇਕ ਕੇ ਮਾਫੀ ਮੰਗਦੇ ਕਿ “ ਬਾਬਾ ਜੀ ਬੱਚਿਆਂ ਨੂੰ ਬਖਸ਼ ਦਿਓ”।
ਫੇਰ ਇੱਕ ਦਿਨ ਉਹੀ ਅਖੀਰਲਾ ਐਤਵਾਰ ਸੀ ਤੇ ਉਸ ਦਿਨ ਸਾਡੇ ਕੋਲ ਵੀਹ ਰੁਪੈ ਸੰਨ। ਰਵਿੰਦਰ ਕਹਿੰਦਾ ਚੱਲ ਯਾਰ ਅੱਜ Chinese ਖਾ ਕੇ ਆਉਂਦਾ ਆਂ। ਤੇ ਅਸੀਂ ਸੱਜ ਧੱਜ ਕੇ ਸਟੇਸ਼ਨ ਦੇ ਕੋਲ ਇੱਕ Chinese Restaurant ‘Waldroff’ ਚ ਪਹੁੰਚ ਗਏ। ਅਸੀਂ ਨੂਡਲਜ ਮੰਗਵਾ ਲਏ ਤੇ ਜਿਉਂ ਹੀ ਮੈਂ ਉਸ ਤੇ soya sauce ਪਾਉਣ ਲੱਗਾ ਅੱਧੀ ਬੋਤਲ ਨੂਡਲਜ ਤੇ ਡੁਲ਼ੱ ਗਈ।ਸ਼ਾਇਦ ਬੋਤਲ ਦਾ ਢੱਕਣ ਪਹਿਲਾਂ ਹੀ ਖੁਲ਼ਾ ਸੀ ਤੇ ਮੈਂ ਨਹੀਂ ਦੇਖਿਆ। ਗਰੀਬੀ ਵਿੱਚ ਆਟਾ ਗਿੱਲਾ। ਸਾਰੀ ਪਲੇਟ ਸਾੱਸ ਨਾਲ ਭਰ ਗਈ। ਰਵਿੰਦਰ ਮੇਰੇ ਵੱਲ ਵੇਖੇ ਤੇ ਮੈਂ ਉਹਦੇ ਵੱਲ। ਜ਼ੋਰਾਂ ਦੀ ਭੁੱਖ ਲੱਗੀ ਹੋਈ ਸੀ । ਹੋਰ ਨੂਡਲਜ ਮੰਗਵਾਉਣ ਲਈ ਪੈਸੇ ਨਹੀਂ ਸਨ। ਮੈੱਸ ਬੰਦ ਸੀ। ਤੇ ਫੇਰ ਮੈਂ ਤੇ ਰਵਿੰਦਰ ਨੱਕ ਬੰਦ ਕਰਕੇ ਉਹ ਨੂਡਲਜ ਖਾ ਗਏ।
ਹਰਮੰਦਰ ਸੋਢੀ