ਸੱਭਿਆਚਾਰਿਕ ਹਫ਼ਤਾ ( ਕਲਚਰਲ ਵੀਕ )

ਸੱਭਿਆਚਾਰਿਕ ਹਫ਼ਤਾ ( ਕਲਚਰਲ ਵੀਕ )

ਮੈਡੀਕਲ ਕਾਲਿਜ ਦੇ ਸਫਰ ਦੌਰਾਨ ਇਹ ਉਹ ਹਫਤਾ ਹੁੰਦਾ ਸੀ ਜਦੋਂ ਮਹੌਲ ਸੰਗੀਨ ਨਾ ਰਹਿ ਕੇ ਰੰਗੀਨ ਹੋ ਜਾਂਦਾ ਸੀ। ਜਿਵੇਂ ਕਿ ਸੱਭ ਜਾਣਦੇ ਹਨ ਕਿ ਪਹਿਲੇ ਸਾਲ ਅਸੀਂ ਪ੍ਰੋਫੈਸਰਾਂ ਦੇ ਸਖ਼ਤ ਰਵਈਏ ਤੋਂ ਡਰਦੇ ਸੀ ਭਾਵੇਂ ਕਿਤੇ ਨ ਕਿਤੇ ਸਾਨੂੰ ਇਸ ਸਖ਼ਤੀ ਦਾ ਲਾਭ ਹੀ ਹੋਇਆ ਹੋਵੇਗਾ। ਕੁਝ ਸੂਤਰਾਂ ਤੋਂ ਸਾਨੂੰ ਇਹ ਜਾਣਕਾਰੀ ਮਿਲ ਚੁੱਕੀ ਸੀ ਕਿ ਸਾਡੇ ਲਈ ਇਹ ਬਿਹਤਰ ਹੋਵੇਗਾ ਕਿ ਅਸੀਂ ਰੰਗ ਮੰਚ ਦੀ ਦੁਨੀਆਂ ਤੋਂ ਦੂਰ ਹੀ ਰਹੀਏ ਕਿਓਂਕਿ ਐਨੌਟਮੀ ਵਾਲੇ ਪਸੰਦ ਨਹੀਂ ਕਰਦੇ। ਅਸੀਂ ਇਹ ਸਲਾਹ ਪੱਲੇ ਬੰਨ੍ਹ ਲਈ ਸੀ ਅਤੇ ਸਿਰਫ ਪੜ੍ਹਾਈ ਵੱਲ ਹੀ ਧਿਆਨ ਰੱਖਿਆ।

ਫੇਰ ਇਕ ਦਿਨ ਅਚੰਭਾ ਹੋਇਆ। ਮੈਡਮ ਅਹੂਜਾ ਨੇ ਸਾਨੂੰ ਕੁਝ ਵਿਦਿਆਰਥੀਆਂ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਅਤੇ ਬੜੇ ਪਿਆਰ ਨਾਲ ਸਾਨੂੰ ਕਿਹਾ ਕਿ ਕਲਚਰਲ ਵੀਕ ਮਨਾਇਆ ਜਾਏਗਾ ਅਤੇ ਅਸੀਂ ਵੱਧ ਚ੍ਹੜ ਕੇ ਮੁਕਾਬਲਿਆਂ ਵਿਚ ਭਾਗ ਲਈਏ। ਬੱਸ ਫੇਰ ਕੀ ਸੀ। ਪਹਿਲਾਂ ਇਹ ਕੋਸ਼ਿਸ਼ ਹੁੰਦੀ ਸੀ ਕਿ ਜੇ ਖੈਰ ਚਾਹੀਦੀ ਹੈ ਤਾਂ ਇਹਨਾਂ ਗਤੀਵਿਧੀਆਂ ਤੋਂ ਦੂਰ ਹੀ ਰਹੀਏ ਤੇ ਹੁਣ ਇਹ ਕਿ ਹੁਕਮ ਦੀ ਤਾਮੀਲ ਕਰਨ ਵਿਚ ਹੀ ਫ਼ਾਇਦਾ ਹੈ। ਤਿਆਰੀ ਸ਼ੁਰੂ ਕਰ ਦਿੱਤੀ। ਅਸੀਂ ਕੁਝ ਨਿਡਰ ਵੀ ਹੋ ਗਏ।

ਪੰਜ ਦਿਨ ਦਾ ਇਹ ਹਫ਼ਤਾ ਸ਼ੁਰੂ ਹੋਇਆ। ਟੀਮਾਂ ਬਣ ਗਈਆਂ। ਸਾਡੇ ਸੀਨੀਅਰ ਵੀ ਹੈਰਾਨ ਕਿ ਪਹਿਲੇ ਪ੍ਰੌਫ ਵਾਲੇ ਨਾ ਕੇਵਲ ਭਾਗ ਲੈ ਰਹੇ ਹਨ ਬਲਕਿ ਕਈ ਇਨਾਮ ਵੀ ਜਿੱਤ ਰਹੇ ਹਨ। ਅਗਲੇ ਸਾਲ ਫੇਰ ਇਹ ਸਮਾਗਮ ਮਨਾਇਆ ਗਿਆ।  ਅਸੀਂ ਹੋਰ ਵੀ ਜੋਸ਼ ਨਾਲ ਹਿੱਸਾ ਲਿਆ। ਬਲਦੇਵ ਸਿੰਘ,  ਮਦਨ ਕਟਾਰੀਆ, ਹਰਮੀਤ ਭਾਟੀਆ, ਦਿਨੇਸ਼ ਸ਼ਰਮਾ, ਅਸ਼ੋਕ ਰਾਜਪੂਤ, ਕਮਲੇਸ਼ ਢੀਂਗਰਾ, ਰਾਜੀਵ ਸੂਦ,  ਤੇਜਵੰਤ ਸਿੰਘ, ਰਾਕੇਸ਼ ਭਾਨ, ਜਤਿੰਦਰ ਜਸਵਾਲ – ਸ਼ਾਇਦ ਕੁਝ ਨਾਮ ਮੈਂ ਭੁੱਲ ਰਹੀ ਹੋਵਾਂ- ਮਾਫੀ ਚਾਹਵਾਂਗੀ – ਅਸੀਂ ਸੱਭ ਨੇ ਡੈਕਲੇਮੇਸ਼ਨ, ਡੀਬੇਟ, ਕਵਿਤਾ ਸਮਾਰੋਹ. ਏਕਾਂਗੀ ਨਾਟਕ, ਸ਼ਾਮ -ਏ- ਗ਼ਜ਼ਲ –  ਸੱਭ ਪ੍ਰਤਿਯੋਗਤਾਵਾਂ ਵਿਚ ਹਿੱਸਾ ਲਿਆ। ਇਸ ਵਾਰ  ਤਾਂ ਅਸੀਂ ਏਨੇ ਇਨਾਮ ਜਿੱਤੇ ਕਿ ਟ੍ਰੌਫੀ ਸਾਡੀ ਕਲਾਸ ਨੂੰ ਹੀ ਮਿਲੀ। ਵੈਬਸਾਈਟ  ਵਿਚ ਤਸਵੀਰਾਂ ਵਿੱਚ ਇਸਦੀ  ਝਲਕ ਸਾਫ ਦਿਖਾਈ ਦੇ ਰਹੀ ਹੈ।

ਇਹਨਾਂ ਦਿਨਾਂ ਦੀਆਂ ਕੁਝ ਅਣਭੁੱਲ ਯਾਦਾਂ ਹਨ। ਅਦਿਤਿਅ ਗੁਪਤਾ ਦੀ ਉਹ ਯਾਦਗਾਰ ਪੇਸ਼ਕਸ਼ ਜਿਸ ਵਿਚ ਉਸਨੇ ਕਿਸ਼ਤੀ ਵਿਚ ਇਕ ਲੜਕੀ  ਬਣ ਕੇ ਫ਼ਿਲਮ ਪਾਕੀਜਾ ਦੇ ਗਾਣੇ ਨੂੰ ਅਦਾ ਕੀਤਾ –  ਚਲੋ ਦਿਲਦਾਰ ਚਲੋ ਚਾਂਦ ਕੇ ਪਾਰ ਚਲੋ। ਦੋ ਹੋਰ ਮਜ਼ੇਦਾਰ ਪਲ ਮੈਨੂੰ ਸਾਫ ਸਾਫ ਯਾਦ ਹਨ। ਨਾਟਕ ਵਾਲੇ ਦਿਨ ਬਾਹਰ ਵਾਲੀ ਸਟੇਜ ਤਿਆਰ ਕੀਤੀ ਜਾਂਦੀ ਸੀ। ਹਮੇਸ਼ਾ ਦੀ ਤਰਾਂ ਪਿਛਲੀਆਂ ਸੀਟਾਂ ਤੋਂ  ਹੂਟਿੰਗ ਦੀਆਂ ਆਵਾਜ਼ਾਂ ਆ ਜਾਂਦੀਆਂ ਸੀ। ਜਦ ਨਾਟਕ ਸ਼ੁਰੂ ਹੋਣ ਦੀ ਘੋਸ਼ਣਾ ਹੋਈ, ਹਨੇਰਾ ਕਰ ਦਿੱਤਾ ਗਿਆ, ਪਰਦਾ ਉੱਠਿਆ, ਧੂੰਆਂ ਫੈਲਾ ਦਿੱਤਾ ਗਿਆ – ਸੂਤਰਧਾਰ ਨੇ ਬੜੇ ਗੰਭੀਰ ਅਤੇ  ਰਹੱਸਮਈ ਢੰਗ ਨਾਲ ਨਾਟਕ ਦਾ ਨਾਂ ਲਿਆ “ ਯੇ…ਧੂੰਆਂ….ਕਹਾਂ…ਸੇ…ਉਠਤਾ…ਹੈ “- ਉਸੇ ਵੇਲੇ ਪਿਛਲੀਆਂ ਸੀਟਾਂ ਤੋਂ ਉੱਚੀ ਆਵਾਜ਼ ਆਈ “ ਯੋਗ ਧਿਆਨ ਕੀ ਸਿਗਰਟ ਸੇ “ ਸਾਰੇ ਪਾਸੇ ਹਾਸਾ ਫੈਲ ਗਿਆ।

ਇੱਕ ਹੋਰ ਗੰਭੀਰ ਨਾਟਕ ਹੋਇਆ ਜਿਸ ਵਿੱਚ ਡਾਇਲਾਗ ਬੋਲਿਆ ਗਿਆ “ ਬਾਦਸ਼ਾਹ ਸਲਾਮਤ ਕੇ ਦਰਬਾਰ ਮੇਂ ਗੁਸਤਾਖ਼ੀ ਕਰਨੇ ਕੀ ਕਿਆ ਸਜ਼ਾ ਹੋਤੀ ਹੈ ?” ਪਿਛਲੀਆਂ ਸੀਟਾਂ ਤੋਂ ਫੇਰ ਉੱਚੀ ਆਵਾਜ ਆਈ  “ ਸਪਲੀਮੈਂਟਰੀ “ ! ਸਾਰਾ ਮਾਹੌਲ ਫੇਰ ਹਾਸੇ ਨਾਲ ਗੂੰਜ ਉੱਠਿਆ।

ਕੁਝ ਕੁ ਯਾਦਾਂ ਹੁਣ ਧੁੰਦਲੀਆਂ ਹੋ ਗਈਆਂ ਹਨ। ਪਰ ਕਿਸੇ ਦੇ ਪਟਾਰੇ ਵਿੱਚ ਸ਼ਾਇਦ ਓਹ ਅਜੇ ਵੀ ਤਾਜ਼ੀਆਂ ਹੋਣ। ਸਾਡੇ ਨਾਲ ਸਾਂਝੀਆਂ ਜਰੂਰ ਕਰਿਆ ਜੇ। ਸਾਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ।
ਨਵਕਿਰਨ